'ਆਪ' ਸਰਕਾਰ ‘ਤੇ ਸੁਖਬੀਰ ਬਾਦਲ ਦਾ ਤਿੱਖਾ ਤੰਜ, 'ਹੁਣ ਮੰਤਰੀ ਵੀ ਬਣ ਗਏ ਗੈਂਗਸਟਰ'

'ਆਪ' ਸਰਕਾਰ ‘ਤੇ ਸੁਖਬੀਰ ਬਾਦਲ ਦਾ ਤਿੱਖਾ ਤੰਜ, 'ਹੁਣ ਮੰਤਰੀ ਵੀ ਬਣ ਗਏ ਗੈਂਗਸਟਰ'

ਉਨ੍ਹਾਂ ਨੇ ਦੱਸਿਆ ਕਿ ਮੰਡੀਆਂ, ਡੈਮ, ਏਅਰਪੋਰਟ, ਸੜਕਾਂ, ਬਿਜਲੀ ਦੀਆਂ ਲਾਈਨਾਂ, ਨਹਿਰਾਂ, ਹਾਈਵੇ ਅਤੇ ਟਿਊਬਵੈੱਲ ਕਨੈਕਸ਼ਨ ਵਰਗੇ ਕਈ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਅਨੁਸਾਰ ਅਕਾਲੀ ਦਲ ਦੀ ਸਰਕਾਰ ਨੇ ਲਗਭਗ 13.5 ਲੱਖ ਟਿਊਬਵੈੱਲ ਕਨੈਕਸ਼ਨ ਦਿੱਤੇ, ਜਦਕਿ ਪੂਰੇ ਪੰਜਾਬ ਵਿੱਚ ਕਰੀਬ 15 ਲੱਖ ਟਿਊਬਵੈੱਲ ਕਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਇੱਥੇ ਭਾਈਚਾਰੇ ਦੀ ਸਾਂਝ ਅਤੇ ਅਮਨ-ਸ਼ਾਂਤੀ ਬਣੀ ਰਹੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਈ ਸਿਆਸੀ ਪਾਰਟੀਆਂ ਲੋਕਾਂ ਨੂੰ ਇਕ-ਦੂਜੇ ਨਾਲ ਲੜਾ ਕੇ ਰਾਜ ਕਰਨਾ ਚਾਹੁੰਦੀਆਂ ਹਨ, ਜੋ ਅਕਾਲੀ ਦਲ ਅਤੇ ਦਿੱਲੀ ਆਧਾਰਿਤ ਪਾਰਟੀਆਂ ਵਿਚਕਾਰ ਵੱਡਾ ਫਰਕ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦੁੱਖ-ਦਰਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਜਾਂ ਨਰਿੰਦਰ ਮੋਦੀ ਦੇ ਮਨ ਵਿੱਚ ਉਹਨੀ ਹਮਦਰਦੀ ਹੋ ਸਕਦੀ ਹੈ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦੇ ਮਨ ਵਿੱਚ ਲੋਕਾਂ ਲਈ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਤਾਕਤਾਂ ਲੋਕਾਂ ਦੇ ਧਾਰਮਿਕ ਸਥਾਨਾਂ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਜਾਗਣ ਦੀ ਲੋੜ ਹੈ ਅਤੇ ਆਪਣੀ ਪਾਰਟੀ ਅਤੇ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਵੇ।  

ਉਨ੍ਹਾਂ ਸਵਾਲ ਕੀਤਾ ਕਿ ਬੀਬੀਆਂ ਨੂੰ ਪਹਿਲਾਂ 1000 ਰੁਪਏ ਕਿਉਂ ਨਹੀਂ ਦਿੱਤੇ ਗਏ ਅਤੇ ਹੁਣ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਵੋਟਾਂ ਨੇੜੇ ਆਉਣ ਕਰਕੇ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੀਆਂ ਬੀਬੀਆਂ ਨੂੰ ਕੋਈ ਖਰੀਦ ਨਹੀਂ ਸਕਦਾ। ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਰਕਾਰੀ ਜਾਇਦਾਦ ਵੇਚ ਕੇ ਅਤੇ ਬੈਂਕਾਂ ਤੋਂ ਕਰਜ਼ਾ ਲੈ ਕੇ ਲੋਕਾਂ ਨੂੰ ਪੈਸੇ ਵੰਡੇ ਜਾ ਰਹੇ ਹਨ।  ਉਨ੍ਹਾਂ ਕਿਹਾ ਭਗਵੰਤ ਮਾਨ ਜਿੰਨੀਆਂ ਵੀ ਰੈਲੀਆਂ ਕਰਦਾ ਸਾਰੀਆਂ ਬੱਸਾਂ ਰੋਡਵੇਜ਼ ਦੀਆਂ ਲੈ ਕੇ ਜਾਂਦਾ ਹੈ। ਅਕਾਲੀ ਦਲ ਨੇ ਕਦੇ ਵੀ ਇੰਝ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਇਸ ਵੇਲੇ ਕਰੀਬ 4.30 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਾ ਹੈ, ਜੋ ਇਨ੍ਹਾਂ ਨੇ ਇਸ਼ਤਿਹਾਰਾਂ ਤੇ ਲਾ ਦਿੱਤਾ ਹੈ।

ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸਰਕਾਰ ਤੋਂ ਗ੍ਰਾਂਟਾਂ ਨਾ ਮੰਗਣ। ਉਨ੍ਹਾਂ ਕਿਹਾ ਕਿ ਹੁਣ ਸਿਰਫ ਕੁਝ ਮਹੀਨੇ ਹੀ ਬਾਕੀ ਹਨ ਅਤੇ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਖੁੱਲ੍ਹ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ, ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੁਬਾਨ ਦੀ ਪੱਕੀ ਪਾਰਟੀ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਉਨ੍ਹਾਂ ਦੀ ਸਰਕਾਰ ਬਣਨ ‘ਤੇ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਵਿਕਾਸ ਦੀ ਕਾਫੀ ਲੋੜ ਹੈ ਅਤੇ ਉਨ੍ਹਾਂ ਦੀ ਸਰਕਾਰ ਬਣਨ ‘ਤੇ ਮੋਗਾ ਵਿੱਚ ਮੈਡੀਕਲ ਕਾਲਜ ਜ਼ਰੂਰ ਬਣਾਇਆ ਜਾਵੇਗਾ।

ਇਹ ਕੀਤੇ ਵੱਡੇ ਐਲਾਨ

ਉਨ੍ਹਾਂ ਐਲਾਨ ਕੀਤਾ ਕਿ ਵੱਡੇ ਬਾਦਲ ਸਾਬ੍ਹ ਦੀ ਯਾਦ 'ਚ ਨੀਲੇ ਕਾਰਡ ਦੀ ਯੋਜਨਾ ਮੁੜ ਸ਼ੁਰੂ ਕਰਕੇ ਲਾਭਪਾਤਰੀਆਂ ਨੂੰ 30 ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਨੌਜਵਾਨਾਂ ਨੂੰ ਆਪਣਾ ਨਵਾਂ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ, ਜੋ 10 ਸਾਲਾਂ ਵਿੱਚ ਵਾਪਸ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਪੰਜਾਬ 'ਚ ਇੰਡਸਟਰੀ ਲਿਆਵਾਂ ਗਏ ਅਤੇ ਸ਼ਰਤ ਹੋਵੇਗੀ 75 ਫੀਸਦੀ ਨੌਕਰੀਆਂ  ਪੰਜਾਬ ਦੇ ਬੱਚਿਆਂ ਦੀਆਂ ਹੋਣਗੀਆਂ। ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। 1 ਲੱਖ ਬੱਚੇ ਨੂੰ 1 ਸਾਲ ਦੀ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ‘ਟੈਰਰਿਸਟ’ (ਅੱਤਵਾਦੀ) ਅਤੇ ਦੇਸ਼ ਵਿਰੋਧੀ ਘੋਸ਼ਿਤ ਕੀਤਾ ਜਾਵੇਗਾ।   ਸਾਡੀ ਸਰਕਾਰ ਆਉਣ 'ਤੇ ਫਿਰ ਤੋਂ ਕਬੱਡੀ ਵਰਲਡ ਕੱਪ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਰਲਡ ਕੱਪ ਕਬੱਡੀ, ਪਸ਼ੂ ਮੇਲੇ ਅਤੇ ਪਿੰਡਾਂ 'ਚ ‘ਸੀਪ’ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਵੀ ਭਰੋਸਾ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS