ਡਿੱਗੀ ਕੋਲਡ ਸਟੋਰੇਜ਼ ਦੀ ਇਮਾਰਤ, ਲੀਕ ਹੋ ਗਈ ਅਮੋਨੀਆ ਗੈਸ, ਹੁਣ ਤਕ 4 ਮੌਤਾਂ, ਯੂਪੀ ਪੁਲਸ ਵਲੋਂ ਜਾਂਚ ਸ਼ੁਰੂ

ਡਿੱਗੀ ਕੋਲਡ ਸਟੋਰੇਜ਼ ਦੀ ਇਮਾਰਤ, ਲੀਕ ਹੋ ਗਈ ਅਮੋਨੀਆ ਗੈਸ, ਹੁਣ ਤਕ 4 ਮੌਤਾਂ, ਯੂਪੀ ਪੁਲਸ ਵਲੋਂ ਜਾਂਚ ਸ਼ੁਰੂ

ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਸੋਮਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਇੱਕ ਸਪਾ ਨੇਤਾ ਦੇ ਕੋਲਡ ਸਟੋਰੇਜ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮਲਬੇ ਹੇਠਾਂ ਅਜੇ ਵੀ ਕਰੀਬ 20 ਮਜ਼ਦੂਰਾਂ ਦੇ ਦਬੇ ਹੋਣ ਦਾ ਸ਼ੱਕ ਹੈ।

ਹਾਦਸੇ ਤੋਂ ਤੁਰੰਤ ਬਾਅਦ ਕੋਲਡ ਸਟੋਰੇਜ ਵਿੱਚੋਂ ਅਮੋਨੀਆ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ, ਜਿਸ ਕਾਰਨ ਪੂਰੇ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ। ਇਹ ਗੈਸ ਕਰੀਬ 1 ਕਿਲੋਮੀਟਰ ਦੇ ਦਾਇਰੇ ਵਿੱਚ ਫੈਲ ਚੁੱਕੀ ਹੈ। ਗੈਸ ਦੀ ਤੇਜ਼ ਬਦਬੂ ਕਾਰਨ ਬਚਾਅ ਕਾਰਜ ਵਿੱਚ ਜੁਟੇ ਲੋਕਾਂ ਅਤੇ ਰਾਹਗੀਰਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ, ਜਿਸ ਕਾਰਨ ਜ਼ਿਆਦਾਤਰ ਲੋਕਾਂ ਨੇ ਆਪਣੇ ਮੂੰਹ ਰੁਮਾਲ ਜਾਂ ਗਮਛੇ ਨਾਲ ਢੱਕੇ ਹੋਏ ਹਨ।

ਪ੍ਰਸ਼ਾਸਨ ਵੱਲੋਂ ਮੌਕੇ 'ਤੇ 5 ਜੇਸੀਬੀ ਮਸ਼ੀਨਾਂ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਐਸਡੀਆਰਐਫ (SDRF) ਅਤੇ ਐਨਡੀਆਰਐਫ (NDRF) ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਹੁਣ ਤੱਕ 9 ਲੋਕਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਵਿੱਚ ਇੱਕ ਬੱਚਾ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ।

ਸਾਬਕਾ ਮੰਤਰੀ ਦੀ ਹੈ ਇਮਾਰਤ

ਇਹ ਹਾਦਸਾ ਫਾਫਾਮਊ ਇਲਾਕੇ ਵਿੱਚ ਸਥਿਤ 'ਆਦਰਸ਼ ਕੋਲਡ ਸਟੋਰੇਜ' ਵਿੱਚ ਵਾਪਰਿਆ, ਜੋ ਕਿ ਸਪਾ ਨੇਤਾ ਅਤੇ ਸਾਬਕਾ ਮੰਤਰੀ ਅੰਸਾਰ ਅਹਿਮਦ ਦੀ ਦੱਸੀ ਜਾ ਰਹੀ ਹੈ। ਇਹ ਇਮਾਰਤ ਲਗਭਗ 5 ਹਜ਼ਾਰ ਵਰਗ ਫੁੱਟ ਵਿੱਚ ਬਣੀ ਹੋਈ ਸੀ, ਜਿਸ ਦਾ ਲਗਭਗ 1500 ਵਰਗ ਫੁੱਟ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 100 ਤੋਂ ਵੱਧ ਲੋਕ ਕੰਮ ਕਰਦੇ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪੁਲਸ ਨੂੰ ਮੌਕੇ 'ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪੁਲਸ ਨੇ ਕਾਰਵਾਈ ਕਰਦੇ ਹੋਏ ਕੋਲਡ ਸਟੋਰੇਜ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਲਾਕੇ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ 200 ਤੋਂ ਵੱਧ ਲੋਕ ਮੌਕੇ 'ਤੇ ਇਕੱਠੇ ਹੋ ਗਏ ਹਨ।

Credit : www.jagbani.com

  • TODAY TOP NEWS