ਫ਼ਰੀਦਕੋਟ : ਇੱਥੇ ਕੋਟਕਪੂਰਾ ਨੇੜੇ ਕਰਜ਼ੇ ਤੋਂ ਪਰੇਸ਼ਾਨ ਦੋ ਸਕੇ ਭਰਾਵਾਂ ਵੱਲੋਂ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਪਿੰਡ ਹਰੀਨੋ ਦੇ ਰਹਿਣ ਵਾਲੇ ਜਸਕਰਨ ਸਿੰਘ (38) ਅਤੇ ਉਸਦੇ ਛੋਟੇ ਭਰਾ ਜੋਰਾ ਸਿੰਘ (34) ਵਜੋਂ ਹੋਈ ਹੈ। ਇਸ ਮਾਮਲੇ 'ਚ ਜੀ. ਆਰ. ਪੀ. ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੱਠ ਭੈਣ-ਭਰਾਵਾਂ ਵਿੱਚੋਂ ਛੋਟੇ ਦੋਵੇਂ ਭਰਾ ਆਪਸ 'ਚ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਕੱਠੇ ਖੇਤੀਬਾੜੀ ਅਤੇ ਹੋਰ ਕੰਮ ਕਰਦੇ ਸਨ।
ਪਿੰਡ ਵਾਸੀਆਂ ਦੇ ਮੁਤਾਬਕ ਭਾਵੇਂ ਪਰਿਵਾਰ ਕੋਲ ਘੱਟ ਜ਼ਮੀਨ ਸੀ ਪਰ ਉਹ ਠੇਕੇ ‘ਤੇ ਜ਼ਮੀਨ ਲੈ ਕੇ ਵੀ ਖੇਤੀ ਕਰਦੇ ਸਨ। ਦੋਵੇਂ ਭਰਾ ਇੱਕੋ ਘਰ 'ਚ ਵਿਆਹੇ ਹੋਏ ਸਨ, ਜਿਸ ਕਰਕੇ ਪਰਿਵਾਰ 'ਚ ਕਾਫ਼ੀ ਮੇਲ-ਮਿਲਾਪ ਸੀ ਪਰ ਸਿਰ ‘ਤੇ ਚੜ੍ਹੇ ਕਰਜ਼ੇ ਕਾਰਨ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਹੇ ਸਨ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਪਿੰਡ ਢਾਬ ਬਾਮਣ ਵਾਲਾ ਨੇੜੇ ਲੰਘ ਰਹੀ ਰੇਲਵੇ ਲਾਈਨ ‘ਤੇ ਛਿੰਦਵਾੜਾ ਐਕਸਪ੍ਰੈੱਸ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ।
ਸੂਚਨਾ ਮਿਲਣ ‘ਤੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਜੀ. ਆਰ. ਪੀ. ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਆਪਸ 'ਚ ਬਹੁਤ ਪਿਆਰ ਕਰਦੇ ਸਨ ਅਤੇ ਕਰਜ਼ੇ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਕਰਜ਼ਾ ਮੁਆਫ਼ ਕਰਕੇ ਆਰਥਿਕ ਮਦਦ ਦਿੱਤੀ ਜਾਵੇ, ਕਿਉਂਕਿ ਦੋਹਾਂ ਦੇ ਇੱਕ-ਇੱਕ ਛੋਟੀ ਬੱਚੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com