
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਅਤੇ ਦੁਨੀਆ ਵਿਚ ਵੱਸਦਾ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਗੁਰੂ ਸਾਹਿਬ ਪ੍ਰਤੀ ਬਹੁਤ ਹੀ ਸ਼ਰਧਾ ਭਾਵਨਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ ਤੋਂ 328 ਪਾਵਨ ਸਰੂਪਾਂ ਸਬੰਧੀ ਮਾਮਲਾ ਚੱਲ ਰਿਹਾ ਹੈ, ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਈਸ਼ਰ ਸਿੰਘ ਅਧਾਰਤ ਪੜਤਾਲ ਕਮਿਸ਼ਨ ਬਣਾਇਆ ਗਿਆ ਸੀ। ਕਮਿਸ਼ਨ ਦੀ ਰਿਪੋਰਟ ਵਿਚ ਸਪੱਸ਼ਟ ਹੈ ਕਿ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੰਗਤਾਂ ਨੂੰ ਦਿੱਤੇ ਗਏ ਅਤੇ ਇਨ੍ਹਾਂ ਦੀ ਬਣਦੀ ਭੇਟਾ ਟ੍ਰਸਟ ਫੰਡਾਂ ਵਿਚ ਜਮ੍ਹਾਂ ਨਹੀਂ ਕਰਵਾਈ ਅਤੇ ਨਾ ਹੀ ਬਿੱਲ ਕੱਟੇ ਗਏ। ਇਹ ਮਾਮਲਾ ਕੁਝ ਭ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦੇ ਘਪਲੇ ਦਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨ ਕੀਤੀ ਗਈ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ 16 ਦੋਸ਼ੀਆਂ ਦੇ ਨਾਮ ਸਪੱਸ਼ਟ ਕੀਤੇ ਗਏ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਦੋਸ਼ੀ ਮੰਨਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਰੋਸ਼ਨੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ 16 ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰ ਚੁੱਕੀ ਹੈ। ਇਸ ਸਬੰਧੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ 17 ਨਵੰਬਰ 2020 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਤੋਂ ਕਿਹਾ ਸੀ ਕਿ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਸਬੰਧਤ ਮੁਲਾਜ਼ਮਾਂ ਨੇ ਪੈਸਿਆਂ ਦਾ ਘਪਲਾ ਕੀਤਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੇ ਪੈਸੇ ਖਾਧੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਮਾਮਲੇ ਦੇ ਚੱਲਦਿਆਂ ਪਿਛਲੇ ਦਿਨਾਂ ਤੋਂ ਇਹ ਧਿਆਨ ਵਿਚ ਆਇਆ ਹੈ ਕਿ ਮੀਡੀਆ, ਸੋਸ਼ਲ ਮੀਡੀਆ ਤੇ ਵੈੱਬ ਚੈਨਲਾਂ ਦੇ ਮੰਚਾਂ ਤੋਂ ਵੱਖ-ਵੱਖ ਪਾਰਟੀਆਂ ਦੇ ਬੁਲਾਰੇ, ਬੁੱਧੀਜੀਵੀ ਤੇ ਵਿਚਾਰਵਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰਦਿਆਂ ਬਹੁਤ ਹੀ ਨੀਵੇਂ ਪੱਧਰ ਦੀਆਂ ਤਸਬੀਹਾਂ ਅਤੇ ਸ਼ਬਦਾਵਲੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜਾਣੇ ਅਣਜਾਣੇ ਵਿਚ ਵਰਤੀ ਜਾਣ ਵਾਲੀ ਪੇਤਲੀ ਸ਼ਬਦਾਵਲੀ ਗੁਰਸਿੱਖਾਂ, ਧਰਮੀਆਂ ਅਤੇ ਪ੍ਰੇਮ ਭਾਵਨਾ ਵਾਲੇ ਜੀਆਂ ਲਈ ਅਸਹਿ ਹੈ ਅਤੇ ਸੁਣਨਯੋਗ ਨਹੀਂ ਅਤੇ ਇਸ ਸਬੰਧੀ ਬਹੁਤ ਗੁਰਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਇਤਰਾਜ਼ ਵੀ ਜਤਾਏ ਹਨ। ਉਨ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਧਿਆਨ ਵਿਚ ਰੱਖਦਿਆਂ ਮੀਡੀਆ/ਸੋਸ਼ਲ ਮੀਡੀਆ ਤੇ ਵੈੱਬ ਚੈਨਲਾਂ ਉੱਤੇ ਵਿਚਾਰ ਕਰਨ ਵਾਲੇ ਸਮੂਹ ਸਿੱਖ ਵਿਦਵਾਨਾਂ, ਸ਼ਖ਼ਸੀਅਤਾਂ ਤੇ ਬੁੱਧੀਜੀਵੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਇਸ ਮਾਮਲੇ ਨਾਲ ਸਬੰਧਤ ਕਿਸੇ ਵੀ ਧਿਰ, ਵਿਅਕਤੀ ਅਤੇ ਸੰਸਥਾ ਵਿਰੁੱਧ ਇਲਜ਼ਾਮਬਾਜ਼ੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਣਾ ਜਾਰੀ ਰੱਖਿਆ ਜਾਂਦਾ ਹੈ ਤਾਂ ਇਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੰਭੀਰ ਿਸ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com