AI ਨਾਲ ਅਸ਼ਲੀਲ ਫੋਟੋਆਂ ਬਣਾ ਕੇ ਕੀਤਾ ਜਾ ਰਿਹੈ ਸੀ ਬਲੈਕਮੇਲ, ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਖਾ ਲਿਆ ਜ਼ਹਿਰ

AI ਨਾਲ ਅਸ਼ਲੀਲ ਫੋਟੋਆਂ ਬਣਾ ਕੇ ਕੀਤਾ ਜਾ ਰਿਹੈ ਸੀ ਬਲੈਕਮੇਲ, ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਖਾ ਲਿਆ ਜ਼ਹਿਰ

ਨੈਸ਼ਨਲ ਡੈਸਕ- ਹਰਿਆਣਾ ਦੇ ਫਰੀਦਾਬਾਦ ਤੋਂ ਇਕ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਡੀ.ਏ.ਵੀ. ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਰਾਹੁਲ (19) ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਏਆਈ (AI) ਤਕਨੀਕ ਨਾਲ ਤਿਆਰ ਕੀਤੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓਜ਼ ਰਾਹੀਂ ਬਲੈਕਮੇਲ ਕੀਤਾ ਜਾ ਰਿਹਾ ਸੀ।

ਕੀ ਹੋਇਆ ਸੀ?

ਰਾਹੁਲ ਦੇ ਪਿਤਾ ਨੇ ਦੱਸਿਆ ਕਿ ਕਿਸੇ ਨੇ ਉਸ ਦਾ ਮੋਬਾਈਲ ਫੋਨ ਹੈਕ ਕਰ ਲਿਆ ਸੀ ਅਤੇ ਏਆਈ ਦੀ ਮਦਦ ਨਾਲ ਰਾਹੁਲ ਤੇ ਉਸ ਦੀਆਂ ਤਿੰਨ ਭੈਣਾਂ ਦੀਆਂ ਨਗਨ ਤਸਵੀਰਾਂ ਅਤੇ ਵੀਡੀਓ ਤਿਆਰ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਰਾਹੁਲ ਪਿਛਲੇ 2 ਹਫਤਿਆਂ ਤੋਂ ਬਹੁਤ ਪਰੇਸ਼ਾਨ ਸੀ — ਨਾ ਢੰਗ ਨਾਲ ਖਾਣਾ ਖਾਂਦਾ ਸੀ, ਨਾ ਕਿਸੇ ਨਾਲ ਗੱਲ ਕਰਦਾ ਸੀ।

ਚੈਟ ਅਤੇ ਬਲੈਕਮੇਲ ਦਾ ਖੁਲਾਸਾ

ਪੁਲਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਰਾਹੁਲ ਦੀ ‘ਸਾਹਿਲ’ ਨਾਮਕ ਵਿਅਕਤੀ ਨਾਲ ਵਾਟਸਐਪ ਚੈਟ ਹੋਈ ਸੀ। ਸਾਹਿਲ ਨੇ ਰਾਹੁਲ ਨੂੰ ਅਸ਼ਲੀਲ ਵੀਡੀਓ ਭੇਜ ਕੇ 20,000 ਰੁਪਏ ਦੀ ਮੰਗ ਕੀਤੀ। ਚੈਟ 'ਚ ਕਈ ਆਡੀਓ ਅਤੇ ਵੀਡੀਓ ਕਾਲਾਂ ਦੇ ਸਬੂਤ ਵੀ ਮਿਲੇ ਹਨ। ਆਖਰੀ ਗੱਲਬਾਤ 'ਚ ਸਾਹਿਲ ਨੇ ਰਾਹੁਲ ਨੂੰ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਵੇਗਾ। ਇਹੀ ਨਹੀਂ ਉਸ ਨੇ ਕੁਝ ਅਜਿਹੀਆਂ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੇ ਰਾਹੁਲ ਨੂੰ ਖੁਦਕੁਸ਼ੀ ਲਈ ਉਕਸਾਇਆ।

ਰਾਹੁਲ ਨੇ ਖਾ ਲਈਆਂ ਗੋਲੀਆਂ

ਪਰੇਸ਼ਾਨ ਰਾਹੁਲ ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਿਤਾ ਨੇ ਕਿਹਾ,“ਕਿਸੇ ਨੇ ਮੇਰੇ ਪੁੱਤਰ ਦੇ ਫੋਨ ‘ਤੇ ਮੇਰੀਆਂ ਧੀਆਂ ਦੀਆਂ ਅਸ਼ਲੀਲ ਵੀਡੀਓ ਭੇਜੀਆਂ ਅਤੇ ਉਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਰਾਹੁਲ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਿਆ ਸੀ, ਜਿਸ ਕਰਕੇ ਉਸ ਨੇ ਜ਼ਹਿਰ ਖਾ ਲਿਆ।”

ਪਰਿਵਾਰ ਨੇ ਹੋਰ ਲੋਕਾਂ ‘ਤੇ ਵੀ ਲਗਾਏ ਦੋਸ਼

ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਨੀਰਜ ਭਾਰਤੀ ਨਾਮ ਦਾ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦਾ ਹੈ, ਜਿਸ ਨੇ ਰਾਹੁਲ ਨਾਲ ਮੌਤ ਤੋਂ ਕੁਝ ਘੰਟੇ ਪਹਿਲਾਂ ਗੱਲ ਕੀਤੀ ਸੀ। ਰਾਹੁਲ ਦੀ ਮਾਂ ਮੀਨਾ ਦੇਵੀ ਨੇ ਆਪਣੇ ਜੀਜੇ ‘ਤੇ ਵੀ ਸ਼ੱਕ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਕ ਕੁੜੀ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ।

ਪੁਲਸ ਦੀ ਕਾਰਵਾਈ

ਪਰਿਵਾਰ ਦੀ ਸ਼ਿਕਾਇਤ ‘ਤੇ 2 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ,''ਰਾਹੁਲ ਨੇ ਜ਼ਹਿਰ ਖਾ ਲਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਬਚ ਨਹੀਂ ਸਕਿਆ। ਮੋਬਾਇਲ ਫੋਨ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਨਤੀਜਿਆਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।” ਓਲਡ ਪੁਲਸ ਸਟੇਸ਼ਨ ਇੰਚਾਰਜ ਵਿਸ਼ਨੂੰ ਕੁਮਾਰ ਨੇ ਕਿਹਾ,“ਇਹ ਮਾਮਲਾ ਸਾਈਬਰ ਕ੍ਰਾਈਮ ਅਤੇ ਏਆਈ ਤਕਨੀਕ ਦੀ ਗਲਤ ਵਰਤੋਂ ਦਾ ਗੰਭੀਰ ਉਦਾਹਰਣ ਹੈ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS