ਮੰਡੀ ਗੋਬਿੰਦਗੜ੍ਹ 'ਚ ਵਾਪਰੀ ਵੱਡੀ ਘਟਨਾ: ਸਕਰੈਪ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

ਮੰਡੀ ਗੋਬਿੰਦਗੜ੍ਹ 'ਚ ਵਾਪਰੀ ਵੱਡੀ ਘਟਨਾ: ਸਕਰੈਪ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ) : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਾਲੋਨੀ ਵਿਖੇ ਇੱਕ ਰਿਹਾਇਸ਼ੀ ਖੇਤਰ ਵਿੱਚ ਦੇਰ ਰਾਤ ਇੱਕ ਸਕਰੈਪ ਸਟੋਰ ਵਿੱਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਭਿਆਨਕ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇਰ ਰਾਤ ਤੱਕ ਲੱਗੀਆਂ ਰਹੀਆਂ। ਇਸ ਦੌਰਾਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲਗਭਗ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ, ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਉਧਰ, ਸ਼ਹਿਰ ਨਿਵਾਸੀਆਂ ਅਤੇ ਸ਼ਹਿਰ ਦੇ ਕੌਂਸਲਰ ਪੁਨੀਤ ਨੇ ਰਿਹਾਇਸ਼ੀ ਖੇਤਰ ਵਿੱਚ ਬਣੇ ਅਜਿਹੇ ਸਕਰੈਪ ਸਟੋਰਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਹਿਰ ਦੇ ਕੌਂਸਲਰ ਨੇ ਕਿਹਾ ਕਿ ਅੱਜ ਤੋਂ ਤਕਰੀਬਨ ਪੰਜ ਸਾਲ ਪਹਿਲਾਂ ਵੀ ਇਸੇ ਏਰੀਏ ਵਿੱਚ ਸਕਰੈਪ ਸਟੋਰਾਂ ਵਿੱਚ ਅੱਗ ਲੱਗ ਗਈ ਸੀ ਪ੍ਰੰਤੂ ਫਿਰ ਵੀ ਇਹਨਾਂ ਸਕਰੈਪ ਸਟੋਰਾਂ ਨੂੰ ਰਿਹਾਇਸ਼ੀ ਖੇਤਰਾਂ ਵਿੱਚੋਂ ਬਾਹਰ ਨਹੀਂ ਲਿਜਾਇਆ ਜਾਂਦਾ। ਕੌਂਸਲਰ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚਦੀਆਂ ਤਾਂ ਰਿਹਾਇਸ਼ੀ ਖੇਤਰ ਵਿੱਚ ਵੀ ਅੱਗ ਨਾਲ ਕਾਫੀ ਨੁਕਸਾਨ ਹੋ ਸਕਦਾ ਸੀ।

ਇਸ ਦੌਰਾਨ ਫਾਇਰ ਅਫਸਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੋ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਦੋਂਕਿ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS