ਸੁਲਤਾਨਪੁਰ ਲੋਧੀ-ਖਾੜੀ ਦੇਸ਼ਾਂ ਵਿਚ ਪੰਜਾਬੀ ਕੁੜੀਆਂ ਨਾਲ ਹੋ ਰਿਹਾ ਸ਼ੋਸ਼ਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੋਗਾ ਜ਼ਿਲ੍ਹੇ ਦੀ ਇਕ ਕੁੜੀ ਇਰਾਕ ਦੀ ਦਹਿਸ਼ਤ ਭਰੀ ਜ਼ਿੰਦਗੀ ਵਿਚੋਂ ਬਚ ਕੇ ਘਰ ਵਾਪਸ ਪਰਤੀ ਹੈ। ਪੰਜਾਬ ਪਰਤੀ ਇਸ ਕੁੜੀ ਨੇ ਆਪਣੀ ਰੂਹ ਕੰਬਾਊ ਹੱਡਬੀਤੀ ਬਿਆਨ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਉਸ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਉਹ ਸੁਰੱਖਿਅਤ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਵਾਪਸ ਆ ਸਕੀ। ਪੀੜਤ ਲੜਕੀ ਨੇ ਦੱਸਿਆ ਕਿ ਜਗਰਾਓਂ ਦੇ ਇਕ ਟਰੈਵਲ ਏਜੰਟ ਨੇ ਪੇਂਡੂ ਇਲਾਕਿਆਂ ਵਿਚ ਆਪਣਾ ਜਾਲ ਫੈਲਾਇਆ ਹੋਇਆ ਹੈ। ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਚੰਗੀ ਨੌਕਰੀ ਦੇ ਸੁਫ਼ਨੇ ਵਿਖਾ ਕੇ ਇਰਾਕ ਭੇਜਦਾ ਹੈ। ਉਸ ਨੇ ਖ਼ੁਲਾਸਾ ਕੀਤਾ ਕਿ ਉਸ ਵਰਗੀਆਂ 20 ਤੋਂ 25 ਕੁੜੀਆਂ ਹਾਲੇ ਵੀ ਉੱਥੇ ਫਸੀਆਂ ਹੋਈਆਂ ਹਨ।
ਪੀੜਤਾ ਨੇ ਦੱਸਿਆ ਕਿ ਉਹ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ। ਪਹਿਲਾਂ ਉਸ ਨੂੰ ਦੁਬਈ ਅਤੇ ਫਿਰ ਇਰਾਕ ਲਿਜਾਇਆ ਗਿਆ। ਟਰੈਵਲ ਏਜੰਟ ਨੇ ਸਿਲਾਈ ਦੇ ਕੰਮ, ਹਫ਼ਤੇ ਦੀ ਛੁੱਟੀ ਅਤੇ ਘਰ ਨਾਲ ਗੱਲ ਕਰਨ ਦੀ ਸਹੂਲਤ ਦਾ ਵਾਅਦਾ ਕੀਤਾ ਸੀ ਪਰ ਉੱਥੇ ਪਹੁੰਚਣ ’ਤੇ ਸਭ ਕੁਝ ਉਲਟ ਸੀ। ਉਸ ਨੂੰ ਸਿਲਾਈ ਦੀ ਥਾਂ ਘਰੇਲੂ ਕੰਮ ’ਚ ਭੇਜ ਦਿੱਤਾ ਗਿਆ। ਘਰ ਦੇ ਮਾਲਕ ਨੇ ਉਸ ’ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਪੀੜਤਾ ਨੇ ਹਿੰਮਤ ਕਰਦਿਆਂ ਉਸ ਦੀ ਵੀਡੀਓ ਬਣਾਈ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਦੇ ਬਾਅਦ ਟਰੈਵਲ ਏਜੰਟ ਅਤੇ ਉਸ ਦੀ ਘਰਵਾਲੀ ਦੀ ਸ਼ਹਿ ’ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਡੰਡਾ ਟੁੱਟ ਨਹੀਂ ਗਿਆ। ਇਸ ਸਾਰੀ ਜ਼ਿਆਦਤੀ ਦਾ ਉਸ ’ਤੇ ਇੰਨਾ ਅਸਰ ਹੋਇਆ ਕਿ ਉਹ ਦੋ ਮਹੀਨਿਆਂ ਤੱਕ ਡਿਪਰੈਸ਼ਨ ਵਿਚ ਰਹੀ। ਉਸ ਨੇ 10 ਅਗਸਤ 2025 ਨੂੰ ਸੋਸ਼ਲ ਮੀਡੀਆ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ।
ਸੰਤ ਸੀਚੇਵਾਲ ਨੇ ਤੁਰੰਤ ਕਾਰਵਾਈ ਕੀਤੀ ਅਤੇ 28 ਸਤੰਬਰ ਨੂੰ ਉਹ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਾਪਸ ਆ ਗਈ। ਵਾਪਸੀ ਤੋਂ ਬਾਅਦ ਵੀ ਉਹ ਪੂਰੇ ਮਹੀਨੇ ਤੱਕ ਸਦਮੇ ਵਿਚ ਰਹੀ। ਉਸ ਨੇ ਕਿਹਾ ਕਿ ਇਰਾਕ ਵਿਚ ਗੁਜ਼ਾਰੇ ਉਹ ਦਿਨ ਕਦੇ ਵੀ ਭੁੱਲੇ ਨਹੀਂ ਜਾ ਸਕਦੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਬੇਟੀ ਹਿੰਮਤ ਦੀ ਮਿਸਾਲ ਹੈ, ਜਿਸ ਨੇ ਆਪਣੇ ਹੱਕਾਂ ਲਈ ਖ਼ੁਦ ਲੜਾਈ ਲੜੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਫਸੀਆਂ ਹੋਰ ਕੁੜੀਆਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਅਤੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਇਹ ਜਾਲ ਪੇਂਡੂ ਇਲਾਕਿਆਂ ਵਿਚ ਖ਼ਤਰਨਾਕ ਤਰੀਕੇ ਨਾਲ ਫੈਲ ਚੁੱਕਾ ਹੈ ਅਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਨੂੰ ਨਰਕ ਵੱਲ ਧੱਕ ਰਿਹਾ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com