ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨਾਲ ਹਰ ਪਾਸੇ ਨਵੀਂ ਚਰਚਾ ਛਿੜ ਗਈ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਹੋਏ ਮਿਜ਼ਾਈਲ ਹਮਲਿਆਂ ਲਈ ਗੁਆਂਢੀ ਦੇਸ਼ਾਂ ਤੋਂ ਮੁਆਫੀ ਮੰਗੀ ਹੈ ਅਤੇ ਨਾਲ ਹੀ ਇਹ ਸਪੱਸ਼ਟ ਕੀਤਾ ਹੈ ਕਿ ਇਰਾਨ ਕਦੇ ਵੀ ਇਜ਼ਰਾਈਲ ਅਤੇ ਅਮਰੀਕਾ ਅੱਗੇ ਹਥਿਆਰ ਨਹੀਂ ਸੁੱਟੇਗਾ।
ਇਰਾਨੀ ਰਾਸ਼ਟਰਪਤੀ ਨੇ ਕਿਹਾ, "ਮੈਂ ਉਨ੍ਹਾਂ ਗੁਆਂਢੀ ਦੇਸ਼ਾਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ 'ਤੇ ਇਰਾਨ ਨੇ ਹਮਲੇ ਕੀਤੇ ਹਨ।" ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਅੰਤਰਿਮ ਲੀਡਰਸ਼ਿਪ ਕੌਂਸਲ ਨੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਗੁਆਂਢੀ ਦੇਸ਼ਾਂ 'ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਅਤੇ ਉਦੋਂ ਤੱਕ ਕੋਈ ਮਿਜ਼ਾਈਲ ਨਹੀਂ ਦਾਗੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇਸ਼ਾਂ ਵੱਲੋਂ ਇਰਾਨ 'ਤੇ ਹਮਲਾ ਨਹੀਂ ਹੁੰਦਾ। ਆਪਣੀ ਸਰਕਾਰ ਦਾ ਪੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨੂੰ ਇਰਾਨੀ ਲੋਕਾਂ ਦੇ ਸਰੰਡਰ ਦੀ ਇੱਛਾ ਆਪਣੇ ਨਾਲ ਹੀ ਕਬਰ ਵਿੱਚ ਲੈ ਕੇ ਜਾਣੀ ਪਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਇਰਾਨ, ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਦਾ ਬਦਲਾ ਲੈਣ ਲਈ ਦੁਬਈ, ਅਬੂ ਧਾਬੀ, ਕਤਰ, ਕੁਵੈਤ ਅਤੇ ਬਹਿਰੀਨ ਵਰਗੇ ਗੁਆਂਢੀ ਇਲਾਕਿਆਂ ਵਿੱਚ ਮਿਜ਼ਾਈਲ ਹਮਲੇ ਕਰ ਰਿਹਾ ਸੀ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਕੀਤੇ ਗਏ 'ਆਪ੍ਰੇਸ਼ਨ ਐਪਿਕ ਫਿਊਰੀ' ਵਿੱਚ ਖਾਮੇਨੇਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਖੇਤਰ ਪੂਰੀ ਤਰ੍ਹਾਂ ਜੰਗ ਦੀ ਲਪੇਟ ਵਿੱਚ ਹੈ।
ਇਰਾਨੀ ਰਾਸ਼ਟਰਪਤੀ ਦਾ ਇਹ ਬਿਆਨ ਖੇਤਰੀ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਪਰ ਅਮਰੀਕਾ ਅਤੇ ਇਜ਼ਰਾਈਲ ਨਾਲ ਇਰਾਨ ਦਾ ਟਕਰਾਅ ਅਜੇ ਵੀ ਬਰਕਰਾਰ ਹੈ। ਹੁਣ ਦੇਖਣਾ ਹੋਵੇਗਾ ਕਿ ਇਰਾਨੀ ਰਾਸ਼ਟਰਪਤੀ ਦੀ ਮੁਆਫ਼ੀ ਮਗਰੋਂ ਇਸ ਦੇ ਗੁਆਂਢੀ ਦੇਸ਼ ਜੰਗ ਤੋਂ ਆਪਣੇ ਪੈਰ ਖਿੱਚਦੇ ਹਨ ਜਾਂ ਅਮਰੀਕਾ ਦਾ ਸਾਥ ਦਿੰਦੇ ਹੋਏ ਹਮਲੇ ਜਾਰੀ ਰੱਖਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com