ਫੜੇ ਗਏ ਬਾਣੇ ਨੂੰ ਬਦਨਾਮ ਕਰਨ ਵਾਲੇ! ਨਿਹੰਗ ਬਣ ਕੇ ਕਰਦੇ ਸੀ ਲੁੱਟਾਂ ਖੋਹਾਂ

ਫੜੇ ਗਏ ਬਾਣੇ ਨੂੰ ਬਦਨਾਮ ਕਰਨ ਵਾਲੇ! ਨਿਹੰਗ ਬਣ ਕੇ ਕਰਦੇ ਸੀ ਲੁੱਟਾਂ ਖੋਹਾਂ

ਬਰਨਾਲਾ: ਬਰਨਾਲਾ ਪੁਲਸ ਨੇ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਬਾਣਾ ਪਾ ਕੇ ਲੁੱਟਾਂ-ਖੋਹਾਂ ਅਤੇ ਹਮਲਿਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਬੇਖੌਫ਼ ਗਿਰੋਹ ਨੇ 8 ਮਈ ਤੋਂ 13 ਮਈ ਦੇ ਵਿਚਕਾਰ ਬਰਨਾਲਾ ਸ਼ਹਿਰ ਵਿਚ ਰਾਹਗੀਰਾਂ ਨੂੰ ਘੇਰ ਕੇ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਖੋਹਣ ਦੀਆਂ ਕਰੀਬ 14 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਬਰਨਾਲਾ ਪੁਲਸ ਨੇ ਸ਼ਹਿਰ ਵਿਚ ਦਹਿਸ਼ਤ ਫੈਲਾਉਣ ਵਾਲੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਸ਼ਦੀਪ ਸਿੰਘ ਉਰਫ਼ ਕਾਕਾ, ਪ੍ਰਦੀਪ ਸਿੰਘ ਉਰਫ਼ ਚਪਲੀ, ਸਾਹਿਲ ਅਤੇ ਰੋਹਿਤ ਸ਼ਰਮਾ ਵਜੋਂ ਹੋਈ ਹੈ, ਜੋ ਸਾਰੇ ਬਰਨਾਲਾ ਦੇ ਹੀ ਰਹਿਣ ਵਾਲੇ ਹਨ ਅਤੇ ਲੁੱਟ-ਖੋਹ ਹੀ ਇਨ੍ਹਾਂ ਦਾ ਮੁੱਖ ਪੇਸ਼ਾ ਸੀ।

ਡੀ.ਐੱਸ.ਪੀ. ਸਤਵੀਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਗਿਰੋਹ ਰਾਹਗੀਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਾ ਸੀ। ਗਿਰੋਹ ਦਾ ਮੁੱਖ ਸਰਗਨਾ ਹਰਸ਼ਦੀਪ ਸਿੰਘ ਕਾਕਾ ਗੁੰਡਾਗਰਦੀ ਕਰਨ ਅਤੇ ਲੋਕਾਂ ਵਿਚ ਆਪਣਾ ਡਰ ਪੈਦਾ ਕਰਨ ਲਈ ਨਿਹੰਗ ਬਾਣਾ ਪਹਿਨ ਕੇ ਅਤੇ ਸ਼ਸਤਰ ਲੈ ਕੇ ਘੁੰਮਦਾ ਸੀ। ਮੁੱਖ ਮੁਲਜ਼ਮ ਹਰਸ਼ਦੀਪ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ ਅਤੇ ਉਸ 'ਤੇ ਪਹਿਲਾਂ ਵੀ ਐੱਫ.ਆਈ.ਆਰ. ਦਰਜ ਹੈ। ਉਹ ਬਰਨਾਲਾ ਵਿਚ ਵਾਰਦਾਤਾਂ ਕਰਨ ਤੋਂ ਬਾਅਦ ਪੁਲਸ ਤੋਂ ਬਚਣ ਲਈ ਦੂਰ-ਦਰਾਡੇ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਲੁਕ ਜਾਂਦਾ ਸੀ ਅਤੇ ਕੁਝ ਸਮੇਂ ਬਾਅਦ ਵਾਪਸ ਆ ਕੇ ਫਿਰ ਵਾਰਦਾਤਾਂ ਕਰਨ ਲੱਗ ਜਾਂਦਾ ਸੀ।

ਇਨ੍ਹਾਂ ਮੁਲਜ਼ਮਾਂ ਨੇ ਕਚਹਿਰੀ ਚੌਕ ਨੇੜੇ ਪ੍ਰਿੰਸ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਘੇਰਿਆ ਅਤੇ ਉਸ ਦਾ ਗੁੱਟ ਵੱਢ ਦਿੱਤਾ। ਪ੍ਰਿੰਸ ਸਿੰਘ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਉਹ ਏਮਜ਼ ਬਠਿੰਡਾ ਵਿਚ ਜ਼ੇਰੇ ਇਲਾਜ ਹੈ। ਇਸ ਖ਼ੌਫ਼ਨਾਕ ਘਟਨਾ ਦੇ ਸਬੰਧ ਵਿਚ ਥਾਣਾ ਸਿਟੀ-2 ਵਿਚ ਐੱਫ.ਆਈ.ਆਰ. ਨੰਬਰ 227 ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਇਸ ਗਿਰੋਹ ਨੇ ਰਾਮ ਬਾਗ ਰੋਡ 'ਤੇ ਸਥਾਨਕ ਐੱਮ.ਸੀ. ਨਰਿੰਦਰ ਗਰਗ ਨੀਟਾ 'ਤੇ ਵੀ ਹਮਲਾ ਕਰਕੇ ਉਨ੍ਹਾਂ ਦਾ ਪਰਸ ਖੋਹ ਲਿਆ ਸੀ, ਜਿਸ ਸਬੰਧੀ ਥਾਣਾ ਸਿਟੀ ਬਰਨਾਲਾ ਵਿੱਚ ਮਾਮਲਾ ਦਰਜ ਸੀ।

ਸ਼ਹਿਰ ਵਿਚ ਲਗਾਤਾਰ ਹੋ ਰਹੀਆਂ ਇਨ੍ਹਾਂ ਹਿੰਸਕ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਥਾਣਾ ਸਿਟੀ-2 ਬਰਨਾਲਾ ਦੇ ਐੱਸ.ਐੱਚ.ਓ. ਐੱਸ.ਆਈ. ਸ਼ਰੀਫ਼ ਖ਼ਾਨ ਅਤੇ ਏ.ਐੱਸ.ਆਈ. ਰਾਜੀਵ ਕੁਮਾਰ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਸ ਨੇ ਮੁਲਜ਼ਮਾਂ ਕੋਲੋਂ ਖੋਹੇ ਗਏ ਕੁਝ ਮੋਬਾਈਲ ਫ਼ੋਨ, ਨਕਦੀ ਅਤੇ ਵਾਰਦਾਤਾਂ ਵਿਚ ਵਰਤਿਆ ਗਿਆ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ।

ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨੌਜਵਾਨ ਦਾ ਹੱਥ ਵੱਢਣ ਵਾਲੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਸਨੈਚਿੰਗ ਦੀਆਂ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਸ ਹੁਣ ਬਾਕੀ ਸਾਰੀਆਂ 14 ਵਾਰਦਾਤਾਂ ਦੇ ਪੀੜਤਾਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਸ ਇਸ ਗੱਲ ਦੀ ਵੀ ਤਫਤੀਸ਼ ਕਰ ਰਹੀ ਹੈ ਕਿ ਕੀ ਇਸ ਗਿਰੋਹ ਨੇ ਬਰਨਾਲਾ ਤੋਂ ਬਾਹਰ ਵੀ ਵਾਰਦਾਤਾਂ ਕੀਤੀਆਂ ਹਨ ਅਤੇ ਕੀ ਇਸ ਵਿਚ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਸ਼ਾਮਲ ਹਨ। ਪੁਲਸ ਨੂੰ ਰਿਮਾਂਡ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਅਤੇ ਬਰਾਮਦਗੀ ਹੋਣ ਦੀ ਉਮੀਦ ਹੈ।
 

Credit : www.jagbani.com

  • TODAY TOP NEWS