ਚੰਡੀਗੜ੍ਹ : ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਕਾਲੇ ਧਨ ਨੂੰ ਜਾਇਦਾਦਾਂ 'ਚ ਨਿਵੇਸ਼ ਕਰਨ ਵਾਲਾ ਪਟਿਆਲੇ ਦਾ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਹੁਣ ਸੀ. ਬੀ. ਆਈ. ਦੇ ਰਾਡਾਰ ’ਤੇ ਹੈ। ਸੀ. ਬੀ. ਆਈ. ਨੇ ਉਸ ਦੇ ਦਫ਼ਤਰ ਅਤੇ ਘਰ ਤੋਂ 50 ਤੋਂ ਵੱਧ ਜਾਇਦਾਦਾਂ ਤੇ ਵਿੱਤੀ ਲੈਣ-ਦੇਣ ਨਾਲ ਸਬੰਧਿਤ ਦਸਤਾਵੇਜ਼ ਬਰਾਮਦ ਕੀਤੇ ਹਨ। ਉਸ ਨੇ ਪੰਜਾਬ ਦੇ 10 ਆਈ. ਪੀ. ਐੱਸ. ਅਤੇ 4 ਆਈ. ਏ. ਐੱਸ. ਅਧਿਕਾਰੀਆਂ ਨੂੰ ਪ੍ਰਾਪਰਟੀ ਦਿੱਤੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਦੇ ਕਾਲੇ ਧਨ ਨੂੰ ਨਿਵੇਸ਼ ਕਰ ਕੇ ਮੁਨਾਫ਼ਾ ਦਿੰਦਾ ਸੀ। ਸੀ. ਬੀ. ਆਈ. ਜਲਦੀ ਹੀ ਉਸ ਦੇ ਬੈਂਕ ਖ਼ਾਤਿਆਂ ਅਤੇ ਆਮਦਨ ਟੈਕਸ ਰਿਟਰਨਾਂ ਦੀ ਜਾਂਚ ਕਰੇਗੀ।
ਇਹ ਵੀ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਦੇ ਅਧਿਕਾਰੀ ਰਿਸ਼ਤੇਦਾਰਾਂ ਦੇ ਨਾਂ ’ਤੇ ਭੁਪਿੰਦਰ ਸਿੰਘ ਰਾਹੀਂ ਜ਼ਮੀਨੀ ਸੌਦਿਆਂ ’ਚ ਹਿੱਸਾ ਪਾਉਂਦੇ ਸਨ ਤਾਂ ਜੋ ਉਹ ਸਾਹਮਣੇ ਨਾ ਆ ਸਕਣ। ਉਹ ਪਹਿਲਾਂ ਹੀ ਕਈ ਅਧਿਕਾਰੀਆਂ ਦੇ ਸੰਪਰਕ ’ਚ ਸੀ ਅਤੇ ਨਤੀਜੇ ਵਜੋਂ ਹੋਰ ਅਧਿਕਾਰੀਆਂ ਨੇ ਵੀ ਉਸ ਰਾਹੀਂ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਸੀ. ਬੀ. ਆਈ. ਨੂੰ ਭੁੱਲਰ ਦੇ ਮੋਬਾਇਲ ’ਤੇ ਦੋ ਜੱਜਾਂ ਨਾਲ ਗੱਲਬਾਤ ਵੀ ਮਿਲੀ। ਸੂਤਰਾਂ ਦਾ ਕਹਿਣਾ ਹੈ ਕਿ ਸੀ. ਬੀ. ਆਈ. ਨੂੰ ਭੁੱਲਰ ਦੇ ਜ਼ਿਲ੍ਹਾ ਅਦਾਲਤ ਦੇ ਜੱਜਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ।
ਭੁੱਲਰ ਦਾ ਪੰਜ ਦਿਨਾਂ ਦਾ ਰਿਮਾਂਡ ਅੱਜ ਹੋਵੇਗਾ ਖ਼ਤਮ
ਸੀ. ਬੀ. ਆਈ. ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਭੁੱਲਰ ਨੂੰ ਵੀਰਵਾਰ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਸੀ. ਬੀ. ਆਈ. ਭੁੱਲਰ ਲਈ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ। ਉਸ ਦੇ ਨਿਆਇਕ ਹਿਰਾਸਤ ’ਚ ਜਾਂਦਿਆਂ ਹੀ ਪੰਜਾਬ ਵਿਜੀਲੈਂਸ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com