ਹੇਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਹੇਗ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤ ਨੂੰ "ਮੌਕਿਆਂ ਦੀ ਧਰਤੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਇੱਕ ਬੇਮਿਸਾਲ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ ਦੀਆਂ ਇੱਛਾਵਾਂ ਹੁਣ ਸਿਰਫ਼ ਇਸ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਹੀਆਂ ਹਨ।
ਵਿਸ਼ਵ ਦਾ ਵਿਕਾਸ ਇੰਜਣ ਬਣਨ ਦੀ ਤਿਆਰੀ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਹੁਣ ਵੱਡੇ ਸੁਪਨੇ ਦੇਖ ਰਿਹਾ ਹੈ। ਉਨ੍ਹਾਂ ਕਿਹਾ, "ਅੱਜ ਭਾਰਤ ਕਹਿ ਰਿਹਾ ਹੈ ਕਿ ਸਾਨੂੰ ਸਿਰਫ਼ ਤਬਦੀਲੀ ਹੀ ਨਹੀਂ ਚਾਹੀਦੀ, ਸਾਨੂੰ ਸਰਵੋਤਮ ਚਾਹੀਦਾ ਹੈ ਅਤੇ ਸਭ ਤੋਂ ਤੇਜ਼ ਗਤੀ ਚਾਹੀਦੀ ਹੈ"। ਭਾਰਤ ਹੁਣ ਓਲੰਪਿਕ ਦੀ ਮੇਜ਼ਬਾਨੀ ਕਰਨ, ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਅਤੇ ਹਰੀ ਊਰਜਾ ਦੇ ਖੇਤਰ ਵਿੱਚ ਮੋਹਰੀ ਬਣ ਕੇ ਵਿਸ਼ਵ ਦਾ ਵਿਕਾਸ ਇੰਜਣ ਬਣਨ ਦੀ ਇੱਛਾ ਰੱਖਦਾ ਹੈ। ਉਨ੍ਹਾਂ ਜੀ-20 ਅਤੇ ਵਿਸ਼ਵ ਦੇ ਸਭ ਤੋਂ ਵੱਡੇ ਏਆਈ (AI) ਸੰਮੇਲਨ ਦੀ ਸਫਲ ਮੇਜ਼ਬਾਨੀ ਦਾ ਵੀ ਜ਼ਿਕਰ ਕੀਤਾ।
ਸਟਾਰਟਅੱਪ ਤੇ ਨਵੀਨਤਾ 'ਚ ਮਾਰੀਆਂ ਮੱਲਾਂ
ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਦੱਸਿਆ ਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ 2014 'ਚ ਭਾਰਤ 'ਚ ਸਿਰਫ਼ ਚਾਰ ਯੂਨੀਕੋਰਨ ਕੰਪਨੀਆਂ ਸਨ, ਪਰ ਅੱਜ ਇਹ ਗਿਣਤੀ ਵਧ ਕੇ ਲਗਭਗ 125 ਹੋ ਗਈ ਹੈ, ਜੋ ਕਿ ਏਆਈ, ਰੱਖਿਆ ਤੇ ਪੁਲਾੜ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰ ਰਹੀਆਂ ਹਨ।
ਲੋਕਤੰਤਰ ਦੀ ਮਜ਼ਬੂਤੀ ਤੇ ਸੱਭਿਆਚਾਰਕ ਸਾਂਝ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਤੰਤਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ 80-90 ਫੀਸਦੀ ਤੱਕ ਰਿਕਾਰਡ ਵੋਟਿੰਗ ਹੋਈ ਹੈ, ਜਿਸ 'ਚ ਔਰਤਾਂ ਦੀ ਭਾਗੀਦਾਰੀ ਵੀ ਕਾਫ਼ੀ ਵਧੀ ਹੈ। ਨੀਦਰਲੈਂਡ ਨਾਲ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਨੀਦਰਲੈਂਡ 'ਟਿਊਲਿਪ' ਲਈ ਮਸ਼ਹੂਰ ਹੈ, ਉੱਥੇ ਭਾਰਤ 'ਕਮਲ' ਲਈ ਜਾਣਿਆ ਜਾਂਦਾ ਹੈ ਤੇ ਇਹ ਦੋਵੇਂ ਸਾਨੂੰ ਸਿਖਾਉਂਦੇ ਹਨ ਕਿ ਜੜ੍ਹਾਂ ਭਾਵੇਂ ਕਿਤੇ ਵੀ ਹੋਣ, ਉਹ ਸੁੰਦਰਤਾ ਅਤੇ ਸ਼ਕਤੀ ਪ੍ਰਦਾਨ ਕਰਦੀਆਂ ਹਨ।
ਦੁਵੱਲੇ ਸਹਿਯੋਗ 'ਤੇ ਜ਼ੋਰ
ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਦਾ ਉਦੇਸ਼ ਵਪਾਰ, ਤਕਨਾਲੋਜੀ, ਰੱਖਿਆ ਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਮੌਜੂਦਾ ਵਿਸ਼ਵ ਚੁਣੌਤੀਆਂ ਅਤੇ ਸੰਘਰਸ਼ਾਂ ਦੇ ਦੌਰ 'ਚ ਜੇਕਰ ਤੇਜ਼ੀ ਨਾਲ ਬਦਲਾਅ ਨਾ ਆਇਆ ਤਾਂ ਪਿਛਲੇ ਦਹਾਕਿਆਂ ਦੀਆਂ ਪ੍ਰਾਪਤੀਆਂ ਵਿਅਰਥ ਜਾ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com