7.5 ਦੇ ਭੂਚਾਲ ਤੋਂ ਬਾਅਦ ਹੁਣ ਆਵੇਗਾ Megaquake ! ਜਾਪਾਨ 'ਚ ਭਾਰੀ ਤਬਾਹੀ ਦਾ ਅਲਰਟ ਜਾਰੀ

7.5 ਦੇ ਭੂਚਾਲ ਤੋਂ ਬਾਅਦ ਹੁਣ ਆਵੇਗਾ Megaquake ! ਜਾਪਾਨ 'ਚ ਭਾਰੀ ਤਬਾਹੀ ਦਾ ਅਲਰਟ ਜਾਰੀ

ਇੰਟਰਨੈਸ਼ਨਲ ਡੈਸਕ- ਜਾਪਾਨ ਦੇ ਉੱਤਰੀ ਹਿੱਸੇ ’ਚ ਸੋਮਵਾਰ ਦੇਰ ਰਾਤ ਆਏ 7.5 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਆਓਮੋਰੀ ਸੂਬੇ ਦੇ ਤੱਟ ਤੋਂ ਦੂਰ ਸਮੁੰਦਰ ’ਚ ਆਏ ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 51 ਲੋਕ ਜ਼ਖਮੀ ਹੋ ਗਏ ਹਨ, ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 70 ਸੈਂਟੀਮੀਟਰ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਵੀ ਉੱਠੀਆਂ। 

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਮੰਗਲਵਾਰ ਤੜਕੇ ਦੇਸ਼ ’ਚ ਸਿਰਫ ਦੂਜੀ ਵਾਰ ‘ਮੈਗਾ ਥ੍ਰਸਟ ਭੂਚਾਲ ਸਾਵਧਾਨੀ ਚਿਤਾਵਨੀ’ ਜਾਰੀ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਅਗਲੇ ਇਕ ਹਫਤੇ ’ਚ ਇਸ ਖੇਤਰ ’ਚ 7.5 ਜਾਂ ਇਸ ਤੋਂ ਵੱਧ ਤੀਬਰਤਾ ਦਾ ਇਕ ਹੋਰ ਵਿਨਾਸ਼ਕਾਰੀ ਭੂਚਾਲ ਆ ਸਕਦਾ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ. ਐੱਮ. ਏ.) ਨੇ ਮੰਗਲਵਾਰ ਸਵੇਰੇ ਇਕ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ, ਜੋ ਕਿ ਸਿਰਫ ਦੂਜੀ ਅਜਿਹੀ ਚਿਤਾਵਨੀ ਹੈ, ਇਸ ’ਚ ਕਿਹਾ ਗਿਆ ਹੈ ਕਿ ਅਗਲੇ ਹਫ਼ਤੇ ਅੰਦਰ ਉਸੇ ਖੇਤਰ ਵਿਚ ਇਸੇ ਤਰ੍ਹਾਂ ਜਾਂ ਇਸ ਤੋਂ ਵੱਧ ਤੀਬਰਤਾ ਦਾ ਇਕ ਹੋਰ ਭੂਚਾਲ ਆਉਣ ਦੀ ਸੰਭਾਵਨਾ ਹੈ। 

ਏਜੰਸੀ ਨੇ ਕਿਹਾ ਕਿ ਇਸ ਭੂਚਾਲ ਨੇ ਆਮ ਨਾਲੋਂ ਵੱਡੇ ਭੂਚਾਲ ਦੀ ਸੰਭਾਵਨਾ ਨੂੰ ਕਾਫ਼ੀ ਵਧਾ ਦਿੱਤਾ ਹੈ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਭੂਚਾਲ ਨਾਲ ਖੇਤਰ ਵਿਚ ਇਕ ਵੱਡੀ ਸੁਨਾਮੀ ਜਾਂ ਬਹੁਤ ਤੇਜ਼ ਝਟਕੇ ਆ ਸਕਦੇ ਹਨ। ਸਥਾਨਕ ਮੀਡੀਆ ਦੇ ਅਨੁਸਾਰ ਅਗਲੇ 7 ਦਿਨਾਂ ’ਚ ਅਜਿਹਾ ਹੋਣ ਦੀ ਸੰਭਾਵਨਾ ਲੱਗਭਗ 1 ਫੀਸਦੀ ਹੈ। ਇਹ ਚਿਤਾਵਨੀ ਸੈਨਰਿਕੂ ਤੱਟ ਅਤੇ ਹੋਕਾਈਡੋ ਦੇ ਕੁਝ ਹਿੱਸਿਆਂ ’ਤੇ ਲਾਗੂ ਹੁੰਦੀ ਹੈ, ਜੋ ਦੋਵੇਂ ਪ੍ਰਸ਼ਾਂਤ ਮਹਾਸਾਗਰ ਵੱਲ ਹਨ।

2024 ’ਚ ਪਹਿਲੀ ਵਾਰ ਅਜਿਹੀ ਚਿਤਾਵਨੀ ਜਾਰੀ ਕੀਤੀ ਗਈ
ਜਾਪਾਨ ਨੇ ਪਹਿਲੀ ਵਾਰ ਅਗਸਤ, 2024 ’ਚ ਨਾਨਕਾਈ ਟ੍ਰਫ਼ ਖੇਤਰ ਲਈ ਅਜਿਹੀ ਚਿਤਾਵਨੀ ਜਾਰੀ ਕੀਤੀ ਸੀ। ਨਾਨਕਾਈ ਟ੍ਰਫ਼ 800 ਕਿਲੋਮੀਟਰ ਲੰਬੀ ਸਮੁੰਦਰੀ ਖੱਡ ਹੈ, ਜਿੱਥੇ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ। ਸਰਕਾਰੀ ਅਨੁਮਾਨਾਂ ’ਚ ਦੱਸਿਆ ਗਿਆ ਕਿ ਨਾਨਕਾਈ ’ਚ ਆਉਣ ਵਾਲੇ ਵੱਡੇ ਭੂਚਾਲ ਅਤੇ ਸੁਨਾਮੀ ਨਾਲ 2,98,000 ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ 2 ਟ੍ਰਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ। ਪਿਛਲੇ ਸਾਲ ਜਾਰੀ ਚਿਤਾਵਨੀ ਇਕ ਹਫ਼ਤੇ ਬਾਅਦ ਵਾਪਸ ਲੈ ਲਈ ਗਈ ਸੀ। ਹਾਲਾਂਕਿ ਅਲਰਟ ਜਾਰੀ ਹੋਣ ਤੋਂ ਬਾਅਦ ਲੋਕ ਡਰ ਗਏ ਸਨ, ਬਹੁਤ ਜ਼ਿਆਦਾ ਖਰੀਦਦਾਰੀ ਹੋਈ ਸੀ ਅਤੇ ਕਈ ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਕੀ ਕਹਿ ਰਹੇ ਐਕਸਪਰਟ ?
ਭੂ-ਵਿਗਿਆਨੀ ਕਾਇਲ ਬ੍ਰੈਡਲੀ ਅਤੇ ਜੂਡਿਥ ਏ. ਹਬਰਡ ਨੇ ਕਿਹਾ ਕਿ ਇਹ ਦੱਸਣਾ ਅਸੰਭਵ ਹੈ ਕਿ ਇਕ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਓਨਾ ਹੀ ਜਾਂ ਉਸ ਤੋਂ ਵੀ ਵੱਡਾ ਭੂਚਾਲ ਆਵੇਗਾ ਜਾਂ ਨਹੀਂ। ਇਸ ਦੀ ਬਜਾਏ ਸਾਨੂੰ ਇਤਿਹਾਸਕ ਅੰਕੜਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਦਰਸਾਉਂਦੇ ਹਨ ਕਿ ਬਹੁਤ ਘੱਟ ਮਾਮਲਿਆਂ ’ਚ ਹੀ ਕਿਸੇ ਵੱਡੇ ਭੂਚਾਲ ਤੋਂ ਤੁਰੰਤ ਬਾਅਦ ਉਸ ਤੋਂ ਵੀ ਵੱਡਾ ਭੂਚਾਲ ਆਉਂਦਾ ਹੈ। ਅਜਿਹਾ ਹੁੰਦਾ ਤਾਂ ਹੈ , ਪਰ ਬਹੁਤ ਘੱਟ ਵਾਰ।

Credit : www.jagbani.com

  • TODAY TOP NEWS