ਅਮਰੀਕੀ ਸੰਸਦ 'ਚ ਮੋਦੀ-ਪੁਤਿਨ ਦੀ ਸੈਲਫ਼ੀ ! ਭਾਰਤ ਨਾਲ ਵਿਗੜਦੇ ਰਿਸ਼ਤਿਆਂ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰੇ ਟਰੰਪ

ਅਮਰੀਕੀ ਸੰਸਦ 'ਚ ਮੋਦੀ-ਪੁਤਿਨ ਦੀ ਸੈਲਫ਼ੀ ! ਭਾਰਤ ਨਾਲ ਵਿਗੜਦੇ ਰਿਸ਼ਤਿਆਂ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰੇ ਟਰੰਪ

ਇੰਟਰਨੈਸ਼ਨਲ ਡੈਸਕ- ਪਹਿਲਾਂ ਲਗਾਏ ਗਏ ਟੈਰਿਫ਼ਾਂ ਤੋਂ ਬਾਅਦ ਬੀਤੇ ਦਿਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਚੌਲਾਂ ਦੀ ਬਰਾਮਦ 'ਤੇ ਨਵੇਂ ਟੈਰਿਫ਼ ਲਗਾਉਣ ਦੀ ਸੰਭਾਵਨਾ ਜਤਾਈ ਤਾਂ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ।

ਵ੍ਹਾਈਟ ਹਾਊਸ ਦੀ ਇੱਕ ਮੀਟਿੰਗ ਦੌਰਾਨ, ਜਿੱਥੇ ਟਰੰਪ ਨੇ ਅਮਰੀਕੀ ਖੇਤੀਬਾੜੀ ਉਤਪਾਦਕਾਂ ਲਈ 12 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ, ਉੱਥੇ ਹੀ ਉਨ੍ਹਾਂ ਨੇ ਨਵੀਂ ਦਿੱਲੀ 'ਤੇ ਅਮਰੀਕੀ ਬਾਜ਼ਾਰ ਵਿੱਚ ਸਸਤੇ ਚਾਵਲ ਦੀ ਡੰਪਿੰਗ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਘੱਟ ਕੀਮਤ ਵਾਲੀਆਂ ਭਾਰਤੀ ਦਰਾਮਦਾਂ (ਇਸ ਵਿੱਚ ਵੀਅਤਨਾਮ ਅਤੇ ਥਾਈਲੈਂਡ ਵੀ ਸ਼ਾਮਲ ਹਨ) ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰੰਪ ਨੇ ਸੰਕੇਤ ਦਿੱਤਾ ਕਿ ਉਹ ਕਥਿਤ ਡੰਪਿੰਗ ਦੇ ਮਾਮਲੇ ਨੂੰ ਖ਼ੁਦ ਸੰਭਾਲਣਗੇ, ਜਿਸ ਤੋਂ ਭਾਰਤ 'ਤੇ ਹੋਰ ਟੈਰਿਫ ਲੱਗਣ ਦਾ ਖ਼ਤਰਾ ਵਧ ਗਿਆ ਹੈ।

ਟਰੰਪ ਦਾ ਇਹ ਇਹ ਤਾਜ਼ਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ਅਮਰੀਕਾ ਨੇ ਪਹਿਲਾਂ ਅਗਸਤ 2025 ਵਿੱਚ ਰੂਸ ਤੋਂ ਤੇਲ ਖਰੀਦਣ ਅਤੇ ਹੋਰ ਵਪਾਰਕ ਵਿਵਾਦਾਂ ਦੇ ਵਿਚਕਾਰ, ਜ਼ਿਆਦਾਤਰ ਭਾਰਤੀ ਵਸਤੂਆਂ 'ਤੇ 50 ਫ਼ੀਸਦੀ ਵਾਧੂ ਟੈਰਿਫ ਲਗਾ ਦਿੱਤੇ ਸਨ।

ਟਰੰਪ ਦੇ ਇਨ੍ਹਾਂ ਫ਼ੈਸਲਿਆਂ ਦੀ ਅਮਰੀਕੀ ਕਾਂਗਰਸ ਵਿੱਚ ਵੀ ਸਖ਼ਤ ਆਲੋਚਨਾ ਹੋਈ ਹੈ। ਯੂ.ਐੱਸ. ਪ੍ਰਤੀਨਿਧੀ ਸਿਡਨੀ ਕਮਲਾਗਰ-ਡੋਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਸ਼ਹੂਰ 'ਕਾਰ ਵਾਲੀ ਸੈਲਫ਼ੀ' ਦਿਖਾਉਂਦੇ ਹੋਏ ਕਿਹਾ ਕਿ ਟਰੰਪ ਦੀਆਂ "ਥੋਪੀਆਂ ਗਈਆਂ ਨੀਤੀਆਂ" ਦੀ ਅਮਰੀਕਾ ਨੂੰ ਇਕ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ, ਅਤੇ ਇਹ ਨੀਤੀਆਂ ਅਮਰੀਕੀ ਰਣਨੀਤਕ ਭਾਈਵਾਲਾਂ ਨੂੰ ਸਾਡੇ ਵਿਰੋਧੀਆਂ ਦੀਆਂ ਬਾਹਾਂ ਵਿੱਚ ਧੱਕ ਰਹੀਆਂ ਹਨ। 

ਯੂ.ਐੱਸ. ਪ੍ਰਤੀਨਿਧੀ ਪ੍ਰਮਿਲਾ ਜੈਪਾਲ ਨੇ ਵੀ ਚਿੰਤਾ ਪ੍ਰਗਟਾਈ ਕਿ ਇਹ ਟੈਰਿਫ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਨਾਲ ਹੀ ਅਮਰੀਕੀ ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਇਸ ਦੌਰਾਨ ਬਾਜ਼ਾਰ ਤੱਕ ਪਹੁੰਚ ਅਤੇ ਟੈਰਿਫ ਉਪਾਵਾਂ 'ਤੇ ਅਸਹਿਮਤੀ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀਆਂ ਵਪਾਰਕ ਗੱਲਬਾਤਾਂ ਕੋਈ ਠੋਸ ਪ੍ਰਗਤੀ ਨਹੀਂ ਕਰ ਸਕੀਆਂ ਹਨ।

Credit : www.jagbani.com

  • TODAY TOP NEWS